ਕੈਨੇਡਾ ‘ਚ ੨੧ ਅਕਤੂਬਰ ਨੂੰ ਹੋ ਰਹੀਆਂ ਸੰਸਦੀ ਚੋਣਾਂ ਦਾ ਪ੍ਰਚਾਰ ਜਾਰੀ ਹੈ ਅਜਿਹੇ ‘ਚ ਇਸ ਵਾਰੀ ਨਿਵੇਕਲੀ ਗੱਲ ਇਹ ਹੈ ਕਿ ਰਾਸ਼ਟਰੀ ਪੱਧਰ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦਾ ਆਗੂ ਅੰਮ੍ਰਿਤਧਾਰੀ ਨੌਜਵਾਨ ਜਗਮੀਤ ਸਿੰਘ ਹੈ। ਦੂਸਰੀਆਂ ਪਾਰਟੀਆਂ ਦੇ ਆਗੂਆਂ ਦੀ ਤਰਜ਼ ‘ਤੇ ਉਹ ਵੀ ਦੇਸ਼ ਦੇ ਵੱਖ-ਵੱਖ ਇਲਾਕਿਆਂ ‘ਚ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ। ਕਿਊਬਕ ਵਿਚ ਬਿੱਲ-੨੧ ਰਾਹੀਂ ਪ੍ਰਾਂਤਕ ਸਰਕਾਰ ਨੇ ਬੀਤੇ ਜੂਨ ਮਹੀਨੇ ਧਾਰਮਿਕ ਚਿੰਨ੍ਹਾਂ ਦੀ ਪਾਬੰਦੀ ਲਗਾਈ ਸੀ ਪਰ ਓਥੇ ਜਾ ਕੇ ਜਗਮੀਤ ਨੇ ਬੜੇ ਹੌਸਲੇ ਅਤੇ ਫ਼ਰਾਖ਼-ਦਿਲੀ ਨਾਲ ਆਪਣੇ ਧਾਰਮਿਕ ਚਿੰਨ੍ਹ ਪਹਿਨ ਕੇ ਚੋਣ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਦੀ ਅਹਿਮੀਅਤ ਬਾਰੇ ਵੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਦੁਮਾਲਾ ਉਤਾਰ ਕੇ ਤਸਵੀਰਾਂ ਵੀ ਖਿਚਵਾਈਆਂ ਅਤੇ ਸਿਰ ‘ਤੇ ਦੁਮਾਲਾ ਸਜਾਉਣ ਦੇ ਤਰੀਕੇ ਦਾ ਇਕ ਵੀਡਿਓ ਰਾਹੀਂ ਪ੍ਰਚਾਰ ਕੀਤਾ। ਆਪਣੀ ਇਸ ਕੋਸ਼ਿਸ਼ ‘ਚ ਉਹ ਬੜੀ ਹੱਦ ਤੱਕ ਸਫਲ ਰਿਹਾ ਅਤੇ ਲੋਕਾਂ ਨੇ ਉਸ ਨੂੰ ਜ਼ਮੀਨੀ ਹਕੀਕਤਾਂ ਨਾਲ ਜੁੜੇ ਆਗੂ ਵਜੋਂ ਦੇਖਣਾ ਸ਼ੁਰੂ ਕੀਤਾ ਹੈ। ੨੦੦੧ ‘ਚ ‘ਅਲਾਦੀਨ ਕਸਟਿਊਮ’ ਪਹਿਨਣ ਅਤੇ ਮੂੰਹ ਰੰਗ ਕੇ ਸਕੂਲ ਦੇ ਸਾਲਾਨਾ ਸਮਾਗਮ ‘ਚ ਸ਼ਾਮਿਲ ਹੋਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਵਿਵਾਦਾਂ ‘ਚ ਘਿਰ ਗਏ ਸਨ ਅਤੇ ਇਸ ਮੁੱਦੇ ‘ਤੇ ਉਨ੍ਹਾਂ ਨੇ ਦੋ ਵਾਰੀ ਮੁਆਫ਼ੀ ਮੰਗ ਲਈ ਹੈ।
ਅਜਿਹੇ ‘ਚ ਜਗਮੀਤ ਸਿੰਘ ਨੇ ਭਾਵੁਕ ਲਹਿਜ਼ੇ ‘ਚ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਇਸ ਸਭ ਕੁਝ ਤੋਂ ਉਸ ਨੂੰ ਆਪਣਾ ਬੀਤਿਆ ਵਕਤ ਯਾਦ ਆਉਂਦਾ ਹੈ ਜਦ ਉਸ ਨੂੰ ਨਸਲੀ ਵਿਤਕਰਿਆਂ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ। ਉਸ ਨੇ ਭਾਵੁਕਤਾ ਨਾਲ ਇਹ ਵੀ ਆਖਿਆ ਕਿ ਸ੍ਰੀ ਟਰੂਡੋ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਉਨ੍ਹਾਂ ਨੂੰ ਮੁਆਫ਼ ਕਰਨ ਜਾਂ ਨਾ ਮੁਆਫ਼ ਕਰਨ ਦਾ ਫ਼ੈਸਲਾ ਕੈਨੇਡਾ ਦੇ ਲੋਕਾਂ ਨੇ ਆਪ ਕਰਨਾ ਹੈ। ਜਗਮੀਤ ਦੇ ਇਸ ਠਰੰ੍ਹਮੇ ਭਰੇ ਅੰਦਾਜ਼ ਨੇ ਵੀ ਦੇਸ਼ ਭਰ ‘ਚ ਲੋਕਾਂ ਦੇ ਮਨਾਂ ਉਪਰ ਹਾਂ-ਪੱਖੀ ਪ੍ਰਭਾਵ ਛੱਡਿਆ। ਇਸ ਤੋਂ ਪਹਿਲਾਂ ਉਸ ਨੇ ਦੋ ਹੋਰ ਰਾਸ਼ਟਰੀ ਆਗੂਆਂ (ਕੰਜ਼ਰਵੇਟਿਵ ਐਾਡਰਿਊ ਸ਼ੀਅਰ ਅਤੇ ਗਰੀਨ ਐਲਿਜ਼ਾਬੈਥ ਮੇਅ) ਨਾਲ ਟੈਲੀਵਿਜ਼ਨ ਤੋਂ ਪ੍ਰਸਾਰਿਤ ਹੋਈ ਬਹਿਸ ‘ਚ ਸ਼ਮੂਲੀਅਤ ਕੀਤੀ ਸੀ। ਇਸ ਮੌਕੇ ‘ਤੇ ਰਾਸ਼ਟਰੀ ਪੱਧਰ ਦੇ ਮੁੱਦਿਆਂ ਜਿਵੇਂ ਆਰਥਿਕਤਾ, ਵਿਦੇਸ਼ ਨੀਤੀ, ਆਦੀਵਾਸੀ ਮਾਮਲੇ, ਊਰਜਾ, ਰੋਜ਼ਗਾਰ ਆਦਿਕ ਬਾਰੇ ਜਗਮੀਤ ਸਿੰਘ ਦੀ ਪਕੜ ਤੋਂ ਬਹੁਤ ਸਾਰੇ ਆਲੋਚਕ ਵੀ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕੇ ਅਤੇ ਉਨ੍ਹਾਂ ਨੇ ਬਹਿਸ ਵਿਚੋਂ ਜਗਮੀਤ ਨੂੰ ਜੇਤੂ ਕਰਾਰ ਦਿੱਤਾ। ਐਨ.ਡੀ.ਪੀ. ਸਰਵੇਖਣਾਂ ‘ਚ ਪਛੜੀ ਦੱਸੀ ਜਾ ਰਹੀ ਹੈ ਪਰ ਜਗਮੀਤ ਦੀ ਸ਼ਖ਼ਸੀਅਤ ਦਾ ਪ੍ਰਭਾਵ ਨਿੱਤ ਦਿਨ ਵਧਣ ਤੋਂ ਸਿਆਸੀ ਮਾਹਿਰ ਵੀ ਇਨਕਾਰ ਨਹੀਂ ਕਰ ਰਹੇ।