ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ-ਏ-ਆਜ਼ਮ ਭਗਤ ਸਿੰਘ ਰੱਖਣ ਦੀ ਆਵਾਜ਼ ਉਠੀ

0
4599

ਦਿੱਲੀ : ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਸੰਸਦ ‘ਚ ਇਕ ਵਾਰ ਫਿਰ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂਅ ‘ਤੇ ਰੱਖਣ ਦੀ ਮੰਗ ਉਠੀ। ਸੰਸਦ ਦੇ ਦੋਵਾਂ ਸਦਨਾਂ ‘ਚ ਉਠੀ ਇਸ ਮੰਗ ‘ਤੇ ਚੰਡੀਗੜ੍ਹ ਹਵਾਈ ਅੱਡੇ ਦੇ ਨਾਂਅ ਸਬੰਧੀ ਵਿਵਾਦ ਇਕ ਵਾਰ ਫਿਰ ਉਭਰ ਕੇ ਸਾਹਮਣੇ ਆ ਗਿਆ ਹੈ। ਲੋਕ ਸਭਾ ‘ਚ ਮਾਰਕਸੀ ਪਾਰਟੀ ਦੇ ਸੰਸਦ ਮੈਂਬਰ ਐਮ.ਸੀ. ਰਾਜੇਸ਼ ਨੇ ਇਹ ਮੁੱਦਾ ਉਠਾਉਂਦਿਆਂ ਸਰਕਾਰ ਨੂੰ ਇਹ ਭਰੋਸਾ ਦਿਵਾਉਣ ਲਈ ਕਿਹਾ ਕਿ ਹਵਾਈ ਅੱਡੇ ਦਾ ਨਾਂਅ ਸ਼ਹੀਦੇ-ਏ-ਆਜ਼ਮ ਦੇ ਨਾਂਅ ‘ਤੇ ਰੱਖਿਆ ਜਾਵੇ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸੰਤੋਸ਼ਜਨਕ ਉਤਰ ਨਾ ਮਿਲਿਆ। ਖੱਬੇ ਪੱਖੀ ਨੇਤਾ ਵੱਲੋਂ ਇਹ ਮੁੱਦਾ ਉਠਾਏ ਜਾਣ ਵੇਲੇ ਪੰਜਾਬ ਦਾ ਕੋਈ ਵੀ ਸੰਸਦ ਮੈਂਬਰ ਸਦਨ ‘ਚ ਮੌਜੂਦ ਨਹੀਂ ਸੀ ਪਰ ਕਾਂਗਰਸ, ਐਨ.ਸੀ.ਪੀ., ਮਾਰਕਸੀ ਪਾਰਟੀ ਅਤੇ ਕੁਝ ਆਜ਼ਾਦ ਸੰਸਦ ਮੈਂਬਰਾਂ ਨੇ ਇਸ ਮੁੱਦੇ ‘ਤੇ ਆਪਣੀ ਸਹਿਮਤੀ ਵੀ ਪ੍ਰਗਟਾਈ। ਮਾਰਕਸੀ ਪਾਰਟੀ ਦੇ ਰਾਜ ਸਭਾ ਮੈਂਬਰ ਰਿਤਾਫਲਤਾ ਬੈਨਰਜੀ ਨੇ ਇਹ ਮੁੱਦਾ ਰਾਜ ਸਭਾ ‘ਚ ਚੁੱਕਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂਅ ‘ਤੇ ਹਵਾਈ ਅੱਡੇ ਦਾ ਨਾਂਅ ਰੱਖਣ ਨੂੰ ਰਾਜ਼ੀ ਹੈ ਪਰ ਹਰਿਆਣਾ ਸਰਕਾਰ ਇਸ ਨੂੰ ਸਾਬਕਾ ਮੁੱਖ ਮੰਤਰੀ ਮੰਗਲ ਸੈਨ ਦੇ ਨਾਂਅ ‘ਤੇ ਰੱਖਣਾ ਚਾਹੁੰਦੀ ਹੈ। ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਖੱਬੇ ਪੱਖੀ ਨੇਤਾ ਦਾ ਸਮਰਥਨ ਕਰਦਿਆਂ ਕਿਹਾ ਕਿ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਦੇ ਨਾਂਅ ‘ਤੇ ਹਵਾਈ ਅੱਡੇ ਦਾ ਨਾਂਅ ਰੱਖਣ ਦੀ ਮੰਗ ਨੂੰ ਭਾਜਪਾ ਵੱਲੋਂ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਦੇ ਨਾਂਅ ‘ਤੇ ਰੱਖਣ ਕਾਰਨ ਖਾਰਜ ਕੀਤਾ ਜਾ ਰਿਹਾ ਹੈ।