ਗੁਰਦੁਆਰਾ ਮਿਲਵੂਡਜ਼ ਐਡਮਿੰਟਨ ਵਿਖੇ ਜੈਤੇਗ ਸਿੰਘ ਅਨੰਤ ਦੀ ਕੌਫ਼ੀ ਟੇਬਲ ਪੁਸਤਕ “ਰਾਮਗੜ੍ਹੀਆ ਵਿਰਾਸਤ” ਰਿਲੀਜ਼

0
1562

ਸਰੀ (ਹਰਦਮ ਮਾਨ) – ਗੁਰਦੁਆਰਾ ਮਿਲਵੂਡਜ਼, ਰਾਮਗੜ੍ਹੀਆ ਗੁਰਸਿੱਖ ਸੁਸਾਇਟੀ ਐਡਮਿੰਟਨ (ਅਲਬਰਟਾ) ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਨਾਮਵਰ ਵਿਦਵਾਨ ਇਤਿਹਾਸਕਾਰ, ਖੋਜੀ, ਸਾਹਿਤਕਾਰ, ਲੇਖਕ ਅਤੇ ਸੰਪਾਦਕ ਸ. ਜੈਤੇਗ ਸਿੰਘ ਅਨੰਤ ਦੀ ਕੌਫ਼ੀ ਟੇਬਲ ਪੁਸਤਕ “ਰਾਮਗੜ੍ਹੀਆ ਵਿਰਾਸਤ” ਰਿਲੀਜ਼ ਕੀਤੀ ਗਈ।
ਇਸ ਮੌਕੇ ਬੋਲਦਿਆਂ ਸੁਸਾਇਟੀ ਦੇ ਚੇਅਰਮੈਨ ਸਰਦਾਰ ਬਲਵੀਰ ਸਿੰਘ ਚਾਨਾ ਨੇ ਕਿਹਾ ਕਿ ਇਸ ਪੁਸਤਕ ਵਿਚ ਬਹੁਤ ਹੀ ਵਧੀਆ ਢੰਗ ਨਾਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਰਾਮਗੜ੍ਹੀਆ ਕੌਮ ਦੀਆਂ ਪ੍ਰਾਪਤੀਆਂ ਦੇ ਅਣਗੌਲੇ ਇਤਿਹਾਸ ਨੂੰ ਮੁੜ ਜਾਗ੍ਰਿਤ ਕਰ ਵਿਖਾਇਆ ਹੈ। ਜੇ ਇਸ ਤਰ੍ਹਾਂ ਕਹਿ ਲਈਏ ਕਿ ਡੂੰਘੇ ਸਾਗਰ ਵਿੱਚੋਂ ਕੀਮਤੀ ਮੋਤੀ ਚੁਗ ਕੇ ਇਕ ਹਾਰ ਵਿੱਚ ਪਰੋ ਦਿੱਤੇ ਹੋਣ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਰਾਮਗੜ੍ਹੀਆ ਇਤਿਹਾਸ ਦਾ ਮੁੱਢ ਤੋਂ ਅਰੰਭ ਕਰ ਕੇ ਅੱਜ ਤੱਕ ਦੇ ਰਾਮਗੜ੍ਹੀਆ ਇਤਿਹਾਸ ਅਤੇ ਪ੍ਰਾਪਤੀਆਂ ਨੂੰ ਕੌਮ ਦੀ ਝੋਲੀ ਵਿਚ ਪਾਉਣ ਦਾ ਵਿਲੱਖਣ ਅਤੇ ਇਤਿਹਾਸਕ ਕਾਰਜ ਕਰਨ ਲਈ ਉਨ੍ਹਾਂ ਜੈਤੇਗ ਸਿੰਘ ਅਨੰਤ ਨੂੰ ਵਧਾਈ ਦਿੱਤੀ, ਜਿਨ੍ਹਾਂ ਆਪਣੀ ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਬੜੀ ਸ਼ਿੱਦਤ ਨਾਲ ਇਹ ਕੌਫ਼ੀ ਟੇਬਲ ਰਾਮਗੜ੍ਹੀਆ ਵਿਰਾਸਤ ਪੁਸਤਕ ਸਿੱਖ ਸੰਗਤਾਂ ਨੂੰ ਭੇਟ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਪੁਸਤਕ ਹਰ ਘਰ ਅਤੇ ਹਰ ਇਕ ਗੁਰਦਆਰੇ ਦੀ ਲਾਇਬ੍ਰੇਰੀ ਵਿੱਚ ਸੁਸ਼ੋਭਿਤ ਹੋਣੀ ਚਾਹੀਦੀ ਹੈ ਤਾਂ ਕਿ ਇਸ ਦਾ ਵੱਧ ਤੋਂ ਵੱਧ ਲੋਕ ਇਸ ਨੂੰ ਪੜ੍ਹ ਸਕਣ ਅਤੇ ਆਪਣੇ ਮਾਣਮੱਤੇ ਇਤਿਹਾਸ ਬਾਰੇ ਖੋਜ ਭਰਪੂਰ ਜਾਣਕਾਰੀ ਹਾਸਲ ਕਰ ਸਕਣ। ਉਨ੍ਹਾਂ ਕਾਮਨਾ ਕੀਤੀ ਕਿ ਸ. ਜੈਤੇਗ ਸਿੰਘ ਅਨੰਤ ਭਾੲਚਾਰੇ, ਦੇਸ਼ ਅਤੇ ਕੌਮ ਦੀ ਸੇਵਾ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਕਰਦੇ ਰਹਿਣ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਕਰਨੈਲ ਸਿੰਘ ਭੰਮਰਾ ਅਤੇ ਗੁਰਦੁਆਰਾ ਸਾਹਿਬ ਦੇ ਖਾਲਸਾ ਸਕੂਲ ਅਤੇ ਲਾਇਬ੍ਰੇਰੀਆਂ ਦੇ ਕੁਆਡੀਨੇਟਰ ਸ. ਸੁਰਿੰਦਰ ਸਿੰਘ ਹੂੰਜਨ, ਗੁਰਦੁਆਰਾ ਸਾਹਿਬ ਦੇ ਮੈਂਬਰ ਸ. ਤਜਿੰਦਰ ਸਿੰਘ ਮਠਾਰੂ, ਸ. ਤਾਵਿੰਦਰ ਸਿੰਘ ਵਿਰਦੀ ਅਤੇ ਸ. ਪ੍ਰਮਜੀਤ ਸਿੰਘ ਉਭੀ ਨੇ ਵੀ ਇਸ ਮਹਾਨ ਕਾਰਜ ਲਈ ਸ. ਜੈਤੇਗ ਸਿੰਘ ਅਨੰਤ ਨੂੰ ਵਧਾਈ ਦਿੱਤੀ।