ਖਾਲਸਾ ਸਾਜਨਾ ਦਿਵਸ ਮੌਕੇ ਪੀਐਮ ਜਸਟਿਨ ਟਰੂਡੋ ਸਮੇਤ ਮਤਾ ਪਾਸ ਕਰਵਾਉਣ ਵਾਲਿਆਂ ਸਨਮਾਨ

    0
    4257

    ਟੋਰਾਂਟੋ : ਓਂਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਵੱਲੋਂ ਖ਼ਾਲਸਾ ਸਾਜਨਾ ਦਿਵਸ ਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮ ਕਰਵਾਏ ਗਏ ਸਮਾਗਮ ਆਪਣੇ ਕਈ ਕਾਰਨਾਂ ਕਰਕੇ ਚਰਚਾ ਦਾ ਵਿਸ਼ਾ ਬਣੇ। ਇਸ ਦੌਰਾਨ ਜਿੱਥੇ 84 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਮਤਾ ਪਾਸ ਕਰਵਾਉਣ ਵਾਲੇ ਸੰਸਦ ਮੈਂਬਰਾਂ ਸਨਮਾਨ ਕੀਤਾ ਗਿਆ ਉਥੇ ਇਸ ਮਤੇ ਦਾ ਵਿਰੋਧ ਕਰਨ ਵਾਲੇ ਮੈਂਬਰਾਂ ਨੂੰ ਰੋਸ ਦਾ ਵੀ ਸਾਹਮਣਾ ਕਰਨਾ ਪਿਆ। ਬੈਟਰ ਲਿਵਿੰਗ ਸੈਂਟਰ ਸੀਐਨਈ ਗਰਾਂਊਂਡ ਤੋਂ ਟਰਾਂਟੋ ਸਿਟੀ ਹਾਲ ਪੁੱਜਿਆ ਨਗਰ ਕੀਰਤਨ ਕਰੀਬ ਛੇ ਕਿਲੋਮੀਟਰ ਲੰਬੇ ਰਸਤੇ ‘ਚੋਂ ਲੰਘਿਆ। ਟੋਰਾਂਟੋ ਸਿਟੀ ਹਾਲ ਪੁੱਜਣ ‘ਤੇ ਨਗਰ ਕੀਰਤਨ ਵਿਚ ਸ਼ਾਮਿਲ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ। ਇਸ ਦੌਰਾਨ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਓਨਟਾਰੀਓ ਸੂਬੇ ਦੀ ਪਾਰਲੀਮੈਂਟ ‘ਚ 1984 ਸਿੱਖ ਨਸਲਕੁਸ਼ੀ ਮਤਾ ਪਾਸ ਕਰਾਉਣ ਵਾਲੇ ਸਿੱਖ ਐਮਪੀਪੀਜ਼ ਹਰਿੰਦਰ ਮੱਲੀ ਅਤੇ ਜਗਮੀਤ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਪੀਲ ਰਿਜਨ ਬੋਰਡ ਦੇ ਚੇਅਪਰਸਨ ਅਮਰੀਕ ਸਿੰਘ ਆਹਲੂਵਾਲੀਆ, ਡਾ. ਵਿਕਰਮ ਸਿੰਘ ਨੱਨੜ, ਮੈਰਾਥਾਨ ਦੌੜਾਕ ਗੁਰਚਰਨ ਸਿੰਘ, ਸਿੱਖ ਆਗੂ ਭਗਵਾਨ ਸਿੰਘ ਤੋਂ ਓਪੀਪੀ ਦੇ ਪੁਲਿਸ ਅਧਿਕਾਰੀਆਂ ਦਾ ਵੀ ਸਨਮਾਨ ਕੀਤਾ ਗਿਆ। ਇਨ੍ਹਾਂ ਸਮਾਗਮਾਂ ‘ਚ ਸਿੱਖ ਜੈਨੋਸਾਈਡ ਬਿੱਲ ਵਿਰੋਧੀ ਐਮਪੀਪੀਜ਼ ਤੇ ਮੰਤਰੀਆਂ ਨੂੰ ਸਟੇਜ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਪ੍ਰਬੰਧਕੀ ਕੌਂਸਲ ਨੇ ਓਨਟਾਰੀਓ ਸਰਕਾਰ ਨੂੰ ਇਕ ਈਮੇਲ ਭੇਜ ਕੇ ਪਹਿਲਾਂ ਹੀ ਸੂਚਿੱਤ ਕੀਤਾ ਸੀ ਕਿ ਇਕ ਸ਼ਰਧਾਵਾਨ ਵਿਅਕਤੀ ਵੱਜੋਂ ਕੋਈ ਵੀ ਆ ਸਕਦਾ ਹੈ ਪਰ ਬਿੱਲ ਦਾ ਵਿਰੋਧ ਕਰਨ ਵਾਲੇ ਕਿਸੇ ਵੀ ਸਿਆਸੀ ਵਿਅਕਤੀ ਨੂੰ ਸਟੇਜ ‘ਤੇ ਬੋਲਣ ਦੀ ਇਜ਼ਜਤ ਨਹੀਂ ਹੋਵੇਗੀ। ਅਮ੍ਰਿਤ ਮਾਂਗਟ ਐਮਪੀਪੀ ਨਗਰ ਕੀਰਤਨ ‘ਚ ਸ਼ਾਮਿਲ ਹੋਏ ਸਨ ਪਰ ਉਨ੍ਹਾਂ ਨੂੰ ਸਟੇਜ ਬਾਊਂਡਰੀ ਨੇੜੇ ਨਹੀਂ ਜਾਣ ਦਿੱਤਾ ਗਿਆ। ਮਿਸੀਸਾਗਾ ਮਾਲਟਨ ਤੋਂ ਕੰਜ਼ਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ ਲੜਨ ਦੀ ਚਾਹਵਾਨ ਉਮੀਦਵਾਰ ਰਜਿੰਦਰ ਬੱਲ ਮਿਨਹਾਸ ਜੋ ਸਟੇਜ ਖੇਤਰ ‘ਚ ਮੈਂਬਰ ਪਾਰਲੀਮੈਂਟ ਬੌਬ ਸਰੋਇਆ ਦੀ ਰਿਸ਼ਤੇਦਾਰ ਦੱਸ ਕੇ ਦਾਖ਼ਲ ਹੋਈ ਸੀ ਨੂੰ ਵੀ ਪ੍ਰਬੰਧਕਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ। ਉਹ ਉਸ ਜੱਥੇਬੰਦੀ ਦੇ ਬੋਰਡ ਦੀ ਮੈਂਬਰ ਸੀ ਜਿਸ ਨੇ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਨੂੰ ਪੱਤਰ ਲਿੱਖ ਕੇ ਜੈਨੋਸਾਈਡ ਬਾਰੇ ਮੋਸ਼ਨ ਨੂੰ ਪ੍ਰਵਾਨਗੀ ਨਾ ਦੇਣ ਦੀ ਵਕਾਲਤ ਕੀਤੀ ਸੀ। ਸੂਬੇ ਦੀ ਪ੍ਰੀਮੀਅਰ (ਮੁਖ ਮੰਤਰੀ) ਕੈਥਲਿਨ ਵਿੰਨ ਨੇ ਨਗਰ ਕੀਰਤਨ ‘ਚ ਹਾਜ਼ਰੀ ਤਾਂ ਲਗਵਾਈ ਪਰ ਸਟੇਜ ਤੋਂ ਦੂਰੀ ਰੱਖੀ। ਓਨਟਾਰੀਓ ਸਿੱਖਸ ਅਤੇ ਗੁਰਦੁਆਰਾ ਕੌਂਸਲ ਵੱਲੋਂ ਭੁਪਿੰਦਰ ਸਿੰਘ ਊਭੀ ਨੇ ਕਿਹਾ ਕਿ 33 ਸਾਲ ਬੀਤ ਜਾਣ ਤੋਂ ਬਾਅਦ ਵੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਤੇ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣਾਂ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਿੱਖਾਂ ਦੀਆਂ ਜਾਇਦਾਦਾਂ ‘ਤੇ ਕਬਜ਼ੇ, ਭਾਰਤੀ ਸਵਿਧਾਨ ਵਿਚ ਸਿੱਖਾਂ ਦੀ ਵੱਖਰੀ ਪਛਾਣ ਦੀ ਅਣਹੋਂਦ, ਪੰਜਾਬ ਤੋਂ ਖੋਹੇ ਜਾਣ ਵਾਲੇ ਪਾਣੀਆਂ, ਭਾਰਤ ਵਿੱਚ ਘੱਟ ਗਿਣਤੀਆਂ ਨੂੰ ਦਬਾਉਣ ਤੇ ਸਿੱਖਾਂ ਨੂੰ ਮੋਟਰ ਸਾਈਕਲ ਚਲਾਉਣ ਵੇਲੇ ਹੈਲਮਟ ਤੋਂ ਛੋਟ ਆਦਿ ਵਿਸ਼ਿਆਂ ਤੇ ਕੈਨੇਡਾ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ। ਸੰਗਤ ਨੂੰ ਕੈਨੇਡਾ ਦੇ ਫੈਡਰਲ ਮੰਤਰੀ ਨਵਦੀਪ ਬੈਂਸ, ਕੰਜ਼ਰਵੇਟਿਵ ਫੈਡਰਲ ਦੀ ਮੁਖੀ ਰੋਨਾਂ ਐਂਮਬਰੋਜ਼, ਵਿਰੋਧੀ ਧਿਰ ਦੇ ਨੇਤਾ ਪੈਟਰਿਕ ਬਰਾਊਨ ਅਤੇ ਸੂਬੇ ਦੇ ਟਰਾਂਸਪੋਰਟ ਮੰਤਰੀ ਡੈਲ ਡੂਕਾ ਨੇ ਵੀ ਸੰਬੋਧਨ ਕੀਤਾ। ਟਰੂਡੋ ਦੀ ਮੌਜੂਦਗੀ ਵਿਚ ਖ਼ਾਲਿਸਤਾਨੀ ਝੰਡੇ ਲਹਿਰਾਏ ਜਾਣ ਦੀ ਘਟਨਾ ‘ਤੇ ਭਾਰਤ ਨੇ ਚਿੰਤਾ ਪ੍ਰਗਟਾਈ ਹੈ। ਟੋਰਾਂਟੋ ਵਿਖੇ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਨਗਰ ਕੀਰਤਨ ਸਜਾਇਆ ਗਿਆ ਸੀ ਜਿਸ ਵਿਚ ਜਸਟਿਨ ਟਰੂਡੋ ਨੇ ਵੀ ਸ਼ਮੂਲੀਅਤ ਕੀਤੀ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੁੱਝ ਦਿਨ ਪਹਿਲਾਂ ਵੈਨਕੂਵਰ ਵਿਖੇ ਨਗਰ ਕੀਰਤਨ ਦੌਰਾਨ ਖ਼ਾਲਿਸਤਾਨੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸ਼ਬਦੀ ਹਮਲੇ ਕੀਤੇ ਸਨ। ਭਾਰਤ ਦੇ ਇਕ ਅਧਿਕਾਰੀ ਨੇ ਕਿਹਾ ਕਿ ਨਗਰ ਕੀਰਤਨ ਵਿਚ ਖ਼ਾਲਿਸਤਾਨੀ ਝੰਡੇ ਅਤੇ ਵੱਡੇ-ਵੱਡੇ ਪੋਸਟਰ ਨਜ਼ਰ ਆ ਰਹੇ ਸਨ ਅਤੇ ਜਸਟਿਨ ਟਰੂਡੋ ਦੀ ਸਮਾਗਮ ਵਿਚ ਹਾਜ਼ਰੀ ਚਿੰਤਾ ਦਾ ਵਿਸ਼ਾ ਹੈ। 2005 ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੌਲ ਮਾਰਟਿਨ ਤੋਂ ਬਾਅਦ ਨਗਰ ਕੀਰਤਨ ਵਿਚ ਸ਼ਾਮਲ ਹੋਣ ਵਾਲੇ ਜਸਟਿਨ ਟਰੂਡੋ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਸਟੀਫ਼ਨ ਹਾਰਪਰ ਨੇ ਆਪਣੇ ਕਾਰਜਕਾਲ ਦੌਰਾਨ ਨਗਰ ਕੀਰਤਨਾਂ ਤੋਂ ਦੂਰੀ ਬਣਾਈ ਰੱਖੀ ਸੀ।