ਕੈਨੇਡਾ ਵਿੱਚ ਮੌਂਕੀਪੌਕਸ ਵਾਇਰਸ ਨੇ ਦਿੱਤੀ ਦਸਤਕ

0
1110

ਵੈਨਕੂਵਰ: ਕੁਝ ਦਿਨਾਂ ਤੋਂ ਕੈਨੇਡਾ ਵਿੱਚ ਮੌਂਕੀਪੌਕਸ ਨਾਂ ਦੇ ਵਾਇਰਸ ਨੇ ਦਸਤਕ ਦਿੱਤੀ ਹੈ, ਜੋ ਦੇਸ਼ ਦੇ ਸਾਰੇ ਸੂਬਿਆਂ ਵਿੱਚ ਪੈਰ ਪਸਾਰ ਰਿਹਾ ਹੈ। ਬੇਸ਼ੱਕ ਕੈਨੇਡਾ ਦੇ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਤਸੱਲੀ ਦਿੱਤੀ ਜਾ ਰਹੀ ਹੈ ਕਿ ਇਹ ਰੋਗ ਜਾਨਲੇਵਾ ਨਹੀਂ ਹੈ ਪਰ ਕਰੋਨਾ ਦਾ ਪ੍ਰਕੋਪ ਝੱਲ ਚੁੱਕੇ ਲੋਕਾਂ ਦੇ ਮਨਾਂ ਵਿੱਚ ਡਰ ਹੈ। ਜਾਣਕਾਰੀ ਅਨੁਸਾਰ ਪੰਜ ਕੁ ਦਿਨ ਪਹਿਲਾਂ ਮੌਂਟਰੀਅਲ ਵਿੱਚ ਜਾਂਚ ਦੌਰਾਨ ਦੋ ਮਰੀਜ਼ਾਂ ਵਿੱਚ ਮੌਂਕੀਪੌਕਸ ਵਾਇਰਸ ਦਾ ਪਤਾ ਲੱਗਿਆ ਸੀ। ਇਸ ਮਗਰੋਂ ਕੁੱਝ ਹੋਰ ਸੂਬਿਆਂ ਵਿੱਚ ਵੀ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਪਤਾ ਲੱਗਣ ਲੱਗਿਆ ਹੈ। ਅੱਜ ਸ਼ਾਮ ਤੱਕ ਦੇਸ਼ ਦੇ ਵੱਖ ਵੱਖ ਹਸਪਤਾਲਾਂ ਵਿੱਚ ਮੌਂਕੀਪੌਕਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 10-12 ਦੇ ਵਿਚਾਲੇ ਪੁੱਜ ਚੁੱਕੀ ਸੀ। ਸਿਹਤ ਵਿਭਾਗ ਅਨੁਸਾਰ ਛੂਤ ਦੀ ਇਸ ਬਿਮਾਰੀ ਕਾਰਨ ਤੇਜ਼ ਬੁਖਾਰ ਅਤੇ ਸਰੀਰ ਉਤੇ ਹਲਕੇ ਦਾਣੇ ਨਿਕਲ ਆਉਂਦੇ ਹਨ ਤੇ ਜੋੜਾਂ ਵਿੱਚ ਤੇਜ਼ ਦਰਦ ਹੋਣ ਲੱਗਦਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਮੌਂਕੀਪੌਕਸ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਦਾ ਇਲਾਜ ਅਤੇ ਦਵਾਈਆਂ ਪਹਿਲਾਂ ਹੀ ਹਸਪਤਾਲਾਂ ਵਿੱਚ ਮੌਜੂਦ ਹਨ।ਟੋਰਾਂਟੋ ਵਿੱਚ ਮੌਂਕੀਪੌਕਸ ਤੋਂ ਪੀੜਤ ਦੋ ਮਰੀਜ਼ਾਂ ਦੀ ਜਾਂਚ ਮਗਰੋਂ ਲੋਕਾਂ ਨੂੰ ਦੋ ਭੀੜ ਵਾਲੀਆਂ ਥਾਵਾਂ ’ਤੇ ਨਾ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਿਹਤ ਵਿਭਾਗ ਅਨੁਸਾਰ ਮੌਂਕੀਪੌਕਸ ਵਾਇਰਸ ਦੀ ਲਾਗ ਪੀੜਤ ਮਰੀਜ਼ ਦੀ ਚਮੜੀ ਦੀ ਛੂਹ, ਕੱਪੜਿਆਂ ਦੀ ਸਾਂਝ, ਜੂਠਾ ਖਾਣ-ਪੀਣ ਅਤੇ ਦੇਰ ਤੱਕ ਉਸ ਕੋਲ ਬੈਠਣ ਨਾਲ ਲੱਗਦੀ ਹੈ। ਸਿਹਤ ਵਿਭਾਗ ਪਤਾ ਵੀ ਲਾ ਰਿਹਾ ਹੈ ਕਿ ਇਹ ਵਾਇਰਸ ਵਿਦੇਸ਼ ਤੋਂ ਕਿਸੇ ਮਰੀਜ਼ ਰਾਹੀਂ ਆਇਆ ਜਾਂ ਇਥੇ ਪੈਦਾ ਹੋਇਆ ਹੈ।