ਕੈਨੇਡਾ ਨਾਲ ਪੰਜਾਬੀਆਂ ਦਾ ਰੂਹ ਭਰਿਆ ਰਿਸ਼ਤਾ : ਜੈਫਰੀ

0
4241

ਬਰੈਂਪਟਨ : ਬਰੈਂਪਟਨ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵਸੇ ਪੰਜਾਬੀਆਂ ਨੇ ਇੱਥੇ ਸਿਟੀ ਹਾਲ ਵਿੱਚ ‘ਸਿੱਖ ਵਿਰਾਸਤੀ ਮਹੀਨੇ’ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੰਸਦ ਮੈਂਬਰ ਅਤੇ ਮੰਤਰੀ ਅਮਰਜੀਤ ਸਿੰਘ ਸੋਹੀ ਨੇ ਕੀਤੀ। ਇਸ ਮੌਕੇ ਬਰੈਂਪਟਨ ਦੀ ਸਿਟੀ ਮੇਅਰ ਲਿੰਡਾ ਜੈਫਰੀ ਨੇ ਵੀ ਹਾਜ਼ਰੀ ਭਰੀ। ਸ੍ਰੀ ਸੋਹੀ ਨੇ ਕਿਹਾ ਕਿ ਅਪਰੈਲ ਮਹੀਨੇ ਨੂੰ ਪੂਰੇ ਵਿਸ਼ਵ ਵਿੱਚ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਇਆ ਗਿਆ ਹੈ, ਜੋ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਖਾਲਸੇ ਦੀ ਸਾਜਨਾ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਸਮੇਤ ਯੂਰਪੀਅਨ ਸਰਕਾਰਾਂ ਨੇ ਅਪਰੈਲ ਮਹੀਨੇ ਨੂੰ ‘ਖਾਲਸਾ ਵਿਰਾਸਤੀ ਮਹੀਨੇ’ ਵਜੋਂ ਮਾਨਤਾ ਦਿੱਤੀ ਹੈ। ਇਸ ਨਾਲ ਦੁਨੀਆ ਵਿੱਚ ਖਾਲਸਾ ਦੀ ਨਿਆਰੀ ਹਸਤੀ ਬਾਰੇ ਜਾਗਰੂਕਤਾ ਵਧੀ ਹੈ। ਮੇਅਰ ਲਿੰਡਾ ਜੈਫਰੀ ਨੇ ਕਿਹਾ ਕਿ ਪੰਜਾਬੀਆਂ ਦਾ ਕੈਨੇਡਾ ਨਾਲ ਭਾਵੁਕ ਰਿਸ਼ਤਾ ਹੈ। ਕੈਨੇਡਾ ਦੀ ਤਰੱਕੀ ਵਿੱਚ ਪੰਜਾਬੀਆਂ ਨੇ ਵੱਡਾ ਯੋਗਦਾਨ ਪਾਇਆ ਹੈ। ਨੌਰਥ ਅਮਰੀਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੇਅੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਕੈਨੇਡਾ ਸਰਕਾਰ ਨਾਲ ਹਮੇਸ਼ਾ ਖ਼ੁਸ਼ਗਵਾਰ ਸਬੰਧ ਰਹਿਣੇ ਚਾਹੀਦੇ ਹਨ ਤਾਂ ਕਿ ਪੰਜਾਬੀਆਂ ਦੀ ਕੈਨੇਡਾ ਵਿੱਚ ਆਮਦ ਬਣੀ ਰਹੇ ਅਤੇ ਪੰਜਾਬੀਆਂ ਨੂੰ ਰੁਜ਼ਗਾਰ ਦੇ ਮੌਕੇ ਮਿਲਦੇ ਰਹਿਣ। ਬਰੈਂਪਟਨ ਦੇ ਬਾਸਕਟਬਾਲ ਦੇ ਕੌਮਾਂਤਰੀ ਖਿਡਾਰੀ ਬਿਕਰਮਜੀਤ ਸਿੰਘ ਗਿੱਲ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਪੰਜ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਰਾਜ ਗਰੇਵਾਲ, ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਜਗਮੀਤ ਸਿੰਘ (ਸਾਰੇ ਸੰਸਦ ਮੈਂਬਰ) ਸ਼ਾਮਲ ਹੋਏ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਨਿਭਾਈ।