ਕੈਨੇਡਾ ਦੀ ਆਬਾਦੀ ‘ਚ ਹੋਰ ਵਾਧਾ ਹੋਇਆ

0
1783

ਟੋਰਾਂਟੋ: ਕੈਨੇਡਾ ਦੇਸ਼ ਧਰਾਤਲ ਪੱਖੋਂ ਰੂਸ ਤੋਂ ਬਾਅਦ ਦੁਨੀਆਂ ਦਾ ਦੂਸਰਾ ਵੱਡਾ ਦੇਸ਼ ਹੈ, ਪਰ ਓਥੇ ਲੋਕਾਂ ਦਾ ਬਹੁਤ ਘੱਟ ਵਾਸਾ
ਹੈ।
ਦੇਸ਼ ਦੇ ਅੰਕੜਾ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਦੀ ਆਬਾਦੀ ਇਸ ਸਮੇਂ ਲਗਪਗ ਪੌਣੇ ਚਾਰ ਕਰੋੜ (੩੭ ਮਿਲੀਅਨ) ਤੋਂ ਕੁਝ ਵੱਧ ਹੈ ਅਤੇ ਆਬਾਦੀ ਸਭ ਤੋਂ ਤੇਜ਼ੀ ਨਾਲ਼ ਵਧ ਰਹੀ ਹੈ ਜੋ ਸਿਰਫ ਪ੍ਰਵਾਸੀਆਂ ਦੀ ਆਮਦ ਸਦਕਾ ਹੈ, ਜਦਕਿ ਕੈਨੇਡਾ ਅੰਦਰ ਜਨਮ ਦਰ ‘ਚ ਜ਼ਿਕਰਯੋਗ ਵਾਧਾ ਦਰਜ ਨਹੀਂ ਕੀਤਾ ਜਾ ਰਿਹਾ। ੨੦੧੯ ਦੇ ਦੂਸਰੇ ਅੱਧ ਦੌਰਾਨ ਆਬਾਦੀ ਤੇਜ਼ੀ ਨਾਲ਼ ਵਧੀ ਕਿਉਂਕਿ ਵਿਦੇਸ਼ਾਂ ਤੋਂ ਲੋਕ ਧੜਾਧੜ ਕੈਨੇਡਾ ‘ਚ ਪੁੱਜੇ। ਜੁਲਾਈ ਤੋਂ ਅਕਤੂਬਰ ਤੱਕ ਹੀ ਦੇਸ਼ ‘ਚ ੨੦੮੨੩੪ ਨਵੇਂ ਲੋਕ ਪੁੱਜੇ। ਇਸ ਤੋਂ ਪਹਿਲਾਂ ਕਿਸੇ ਤਿਮਾਹੀ ਦੌਰਾਨ ੨ ਲੱਖ ਤੋਂ ਵੱਧ ਪ੍ਰਵਾਸੀ ਕਦੇ ਵੀ ਨਹੀਂ ਆਏ ਸਨ।
ਕੈਨੇਡਾ ਦੀ ਆਬਾਦੀ ‘ਚ ਗਿਣਤੀ ਨਾਗਰਿਕਾਂ, ਪੱਕੇ ਪ੍ਰਵਾਸੀਆਂ, ਕਾਮਿਆਂ, ਸਟੱਡੀ ਪਰਮਿਟ ਧਾਰਕਾਂ ਵਗੈਰਾ ਦੀ ਹੁੰਦੀ ਹੈ, ਪਰ ਸੈਲਾਨੀ ਅਤੇ ਸੁਪਰ ਵੀਜ਼ਾ ਆਦਿਕ ਦੇ ਧਾਰਕਾਂ ਨੂੰ ਬਾਸ਼ਿੰਦਿਆਂ ਦੀ ਗਿਣਤੀ ‘ਚ ਨਹੀਂ ਰੱਖਿਆ
ਜਾਂਦਾ।
ਬ੍ਰਿਟਿਸ਼ ਕੋਲੰਬੀਆ (ਪੱਛਮ) ਵੱਲ ਲੋਕਾਂ ਦਾ ਝੁਕਾਅ ਵੱਧ ਗਿਆ ਹੈ। ਨਿਊ ਫਾਊਲੈਂਡ (ਪੂਰਬ) ‘ਚ ਪ੍ਰਵਾਸ ਸਭ ਤੋਂ ਘੱਟ ਹੈ। ਉਂਟਾਰੀਓ ਅਤੇ ਅਲਬਰਟਾ ਵੀ ਪ੍ਰਵਾਸੀਆਂ ਦੀ ਪਸੰਦ ਦੇ ਪ੍ਰਾਂਤ ਹਨ ਪਰ ਸਸਕਾਚਵਾਨ ਅਤੇ ਮੈਨੀਟੋਬਾ ‘ਚ ਆਬਾਦੀ ਘਟ ਰਹੀ ਹੈ। ਕਿਊਬਕ ‘ਚ ਆਬਾਦੀ ਸਥਿਰ ਹੈ।