ਕੈਨੇਡਾ ਦੀਆਂ ਵੀਜ਼ਾ ਤੇ ਆਵਾਸ ਨੀਤੀਆਂ ਵਿੱਚ ਵੱਡੇ ਬਦਲਾਅ ਹੋਣ ਦੀ ਸੰਭਾਵਨਾ

0
1064

ਵੈਨਕੂਵਰ: ਕੈਨੇਡਾ ਦੇ ਆਵਾਸ ਮੰਤਰੀ ਸਿਆਨ ਫਰੇਜ਼ਰ ਨੇ ਦੇਸ਼ ਦੇ ਸੂਬਾਈ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੇ ਆਵਾਸ ਵਿਭਾਗ ਦੇ ਮੰਤਰੀਆਂ ਨਾਲ ਮੀਟਿੰਗ ਕਰਦਿਆਂ ਕੈਨੇਡੀਅਨ ਆਵਾਸ ਪ੍ਰਬੰਧ ਦੀਆਂ ਖਾਮੀਆਂ ਦੂਰ ਕਰਨ ਸਬੰਧੀ ਚਰਚਾ ਕੀਤੀ। ਉਨ੍ਹਾਂ ਮੰਤਰੀਆਂ ਤੋਂ ਨੀਤੀਆਂ ਵਿੱਚ ਬਦਲਾਅ ਲਈ ਲੋੜੀਂਦੇ ਸੁਝਾਅ ਵੀ ਲਏ। ਕੇਂਦਰੀ ਮੰਤਰੀ ਨੇ ਵਿਭਾਗੀ ਮੰਤਰੀਆਂ ਨਾਲ ਅਗਲੇ ਸਾਲਾਂ ਦੌਰਾਨ ਹਰੇਕ ਸੂਬੇ ਵਿੱਚ ਪੈਦਾ ਹੋਣ ਵਾਲੇ ਰੁਜ਼ਗਾਰ ਦੇ ਮੌਕਿਆਂ ਅਤੇ ਉਨ੍ਹਾਂ ਨਾਲ ਦੇਸ਼ ਦੀ ਆਰਥਿਕਤਾ ’ਤੇ ਪੈਣ ਵਾਲੇ ਕੌਮੀ ਅਤੇ ਸਥਾਨਕ ਪ੍ਰਭਾਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਨਿਊਬ੍ਰੰਸਵਿਕ ਦੇ ਸ਼ਹਿਰ ਸੇਂਟ-ਜੌਹਨ ਵਿੱਚ ਹੋਈ ਦੋ ਰੋਜ਼ਾ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੇ ਆਵਾਸ ਪ੍ਰਬੰਧ ’ਤੇ ਉੱਠਦੀਆਂ ਉਂਗਲਾਂ ਬਾਰੇ ਚਰਚਾ ਕੀਤੀ। ਮੰਤਰਾਲੇ ਨੇ ਮੀਟਿੰਗ ਦੌਰਾਨ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ਵਿਚਲੀਆਂ ਜਾਅਲਸਾਜ਼ੀਆਂ ਖ਼ਤਮ ਕਰਨ ’ਤੇ ਜ਼ੋਰ ਦਿੱਤਾ। ਮੰਤਰੀ ਨੇ ਸੂਬਾਈ ਮੰਗ ਪ੍ਰੋਗਰਾਮ (ਪੀਐੱਨਪੀ) ਵਿੱਚ ਸੂਬਿਆਂ ਦੀ ਮਹੱਤਤਾ ਉੱਤੇ ਧਿਆਨ ਕੇਂਦਰਿਤ ਕਰਨ ’ਤੇ ਜ਼ੋਰ ਦਿੱਤਾ। ਮੰਤਰੀ ਨੇ ਪੱਕੇ ਹੋਣ ਲਈ ਖੇਤਰੀ ਮੌਕਿਆਂ ਦੇ ਫਾਇਦੇ ਉਠਾਉਣ ਮਗਰੋਂ ਹੋਰ ਸੂਬਿਆਂ ਵੱਲ ਰੁਝਾਨ ਕਰਨ ਵਾਲਿਆਂ ਨੂੰ ਸਮਾਂਬੱਧ ਕੀਤੇ ਜਾਣ ਦਾ ਸੰਕੇਤ ਦਿੱਤਾ। ਸਰਕਾਰੀ ਸੂਤਰਾਂ ਅਨੁਸਾਰ ਵੀਜ਼ਾ ਨੀਤੀਆਂ ਵਿੱਚ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਸਿਸਟਮ ਦੀਆਂ ਖਾਮੀਆਂ ਦਾ ਫਾਇਦਾ ਉਠਾ ਕੇ ਪੀਆਰ ਹੋਣ ਵਾਲਿਆਂ ਦਾ ਰਾਹ ਮੁਸ਼ਕਲ ਹੋ ਜਾਵੇਗਾ।