ਕੈਂਸਰ ਤੋਂ ਪੀੜਤ ਵਿਨੋਦ ਖੰਨਾ ਨਹੀਂ ਰਹੇ

    0
    4062

    ਮੁੰਬਈ : ਬਜ਼ੁਰਗ ਅਦਾਕਾਰ ਅਤੇ ਸੰਸਦ ਮੈਂਬਰ ਵਿਨੋਦ ਖੰਨਾ ਦਾ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਹ 70 ਸਾਲਾਂ ਦੇ ਸਨ। ‘ਅਮਰ ਅਕਬਰ ਐਂਥਨੀ’, ‘ਕੁਰਬਾਨੀ’ ਅਤੇ ‘ਇਨਸਾਫ਼’ ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਉਨ੍ਹਾਂ ਨੂੰ ਬਾਲੀਵੁੱਡ ਦੀ ਧੜਕਣ ਵਜੋਂ ਜਾਣਿਆ ਜਾਂਦਾ ਸੀ। ਵਿਨੋਦ ਖੰਨਾ ਨੂੰ ਡੀਹਾਈਡਰੇਸ਼ਨ (ਸਰੀਰ ਵਿੱਚ ਪਾਣੀ ਦੀ ਘਾਟ) ਦੀ ਸਮੱਸਿਆ ਕਾਰਨ 31 ਮਾਰਚ ਨੂੰ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਦੇ ਅਧਿਕਾਰਕ ਬਿਆਨ ਵਿੱਚ ਕਿਹਾ ਗਿਆ ਕਿ ਉਹ ਮਸਾਨੇ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਕਵਿਤਾ ਖੰਨਾ ਅਤੇ ਚਾਰ ਬੱਚੇ ਰਾਹੁਲ, ਅਕਸ਼ੈ, ਸਾਕਸ਼ੀ ਅਤੇ ਸ਼੍ਰਧਾ ਹਨ। ਵਿਨੋਦ ਖੰਨਾ ਦੀ ਪਹਿਲੀ ਪਤਨੀ ਦੇ ਬੱਚੇ ਰਾਹੁਲ ਤੇ ਅਕਸ਼ੈ ਅਦਾਕਾਰ ਹਨ। ਫਿਲਮੀ ਦੁਨੀਆ ਦੇ ਸਭ ਤੋਂ ਸੁਨੱਖੇ ਅਦਾਕਾਰਾਂ ਵਿੱਚੋਂ ਇਕ ਸ੍ਰੀ ਖੰਨਾ ਨੇ 1968 ਵਿੱਚ ‘ਮਨ ਕਾ ਮੀਤ’ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ। ਸ਼ੁਰੂਆਤੀ ਫਿਲਮਾਂ ਵਿੱਚ ਉਹ ਖਲਨਾਇਕ ਜਾਂ ਸਹਾਇਕ ਦੀ ਭੂਮਿਕਾ ਵਿੱਚ ਨਜ਼ਰ ਆਏ। ਉਨ੍ਹਾਂ ਦੀ ਸਮਰੱਥਾ ਦਾ ਪਹਿਲੀ ਵਾਰ ਪਤਾ ਗੁਲਜ਼ਾਰ ਦੀ 1971 ਵਿੱਚ ਆਈ ਫਿਲਮ ‘ਮੇਰੇ ਅਪਨੇ’ ਵਿੱਚ ਲੱਗਿਆ। ਉਨ੍ਹਾਂ ‘ਮੇਰਾ ਗਾਓਂ ਮੇਰਾ ਦੇਸ਼’, ‘ਰੇਸ਼ਮਾ ਔਰ ਸ਼ੇਰਾ’, ‘ਐਲਾਨ’ ਅਤੇ ‘ਦਯਾਵਾਨ’ ਸਣੇ ਕਈ ਸੁਪਰਹਿੱਟ ਫਿਲਮਾਂ ਕੀਤੀਆਂ। ਆਪਣੀ ਅਦਾਕਾਰੀ ਦੇ ਸਿਖਰ ਉਤੇ ਸ੍ਰੀ ਖੰਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਦੋਂ ਹੈਰਾਨ ਕਰ ਦਿੱਤਾ ਸੀ, ਜਦੋਂ ਉਹ ਅਦਾਕਾਰੀ ਛੱਡ ਕੇ 1982 ਵਿੱਚ ਪੰਜ ਸਾਲਾਂ ਲਈ ਓਸ਼ੋ ਰਜਨੀਸ਼ ਦੇ ਪੁਣੇ ਵਿਚਲੇ ਆਸ਼ਰਮ ਵਿੱਚ ਚਲੇ ਗਏ। ਅੱਸੀਵਿਆਂ ਦੇ ਅਖ਼ੀਰ ਵਿੱਚ ਉਹ ਫਿਰ ਫਿਲਮੀ ਦੁਨੀਆ ਵਿੱਚ ਪਰਤੇ ਅਤੇ ‘ਇਨਸਾਫ਼’ ਅਤੇ ‘ਸੱਤਿਆਮੇਵ ਜਯਤੇ’ ਵਰਗੀਆਂ ਫਿਲਮਾਂ ਨਾਲ ਮੁੜ ਸਫ਼ਲਤਾ ਦੇ ਝੰਡੇ ਗੱਡੇ। ਉਹ ਆਖ਼ਰੀ ਵਾਰ 2015 ਵਿੱਚ ਸ਼ਾਹਰੁਖ ਖ਼ਾਨ ਦੀ ਫਿਲਮ ‘ਦਿਲਵਾਲੇ’ ਵਿੱਚ ਦਿਸੇ।