ਕਿਸਾਨਾਂ ਨੇ ਇਤਿਹਾਸਕ ਪੰਜਾਬ ਬੰਦ ਕੀਤਾ: ਗਾਇਕ ਹਰਭਜਨ ਮਾਨ, ਰਣਜੀਤ ਬਾਵਾ, ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਵੀ ਪ੍ਰਦਰਸ਼ਨ ‘ਚ ਹੋਏ ਸ਼ਾਮਲ

0
1569

ਜਲੰਧਰ: ਮੋਦੀ ਸਰਕਾਰ ਵਲੋਂ ਸੰਸਦ ‘ਚ ਪਾਸ ਕੀਤੇ ਖੇਤੀ ਬਿੱਲਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਸੰਘਰਸ਼ਸ਼ੀਲ ੩੧ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਕਿਸਾਨ ਸੰਗਠਨਾਂ ਵਲੋਂ ਦਿੱਤੇ ਸੱਦੇ ਨੂੰ ਵੱਡਾ ਹੁੰਗਾਰਾ ਮਿਲਿਆ। ਆੜ੍ਹਤੀਏ, ਮਜ਼ਦੂਰਾਂ, ਕਲਾਕਾਰਾਂ, ਗਾਇਕਾਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਸਭ ਮਤਭੇਦਾਂ ਤੋਂ ਉੱਪਰ ਉੱਠ ਕੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕੀਤੀ।
ਪੰਜਾਬ ਦੀਆਂ ਤਿੰਨ ਪ੍ਰਮੁੱਖ ਰਾਜਸੀ ਧਿਰਾਂ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਲੋਂ ਵੀ ਆਪਣੇ-ਆਪਣੇ ਢੰਗ ਨਾਲ ਬੰਦ ‘ਚ ਸ਼ਮੂਲੀਅਤ ਕੀਤੀ। ਕਾਂਗਰਸ ਤੇ ‘ਆਪ’ ਨੇ ਆਪਣੇ ਵਲੋਂ ਕੋਈ ਐਕਸ਼ਨ ਦੀ ਥਾਂ ਕਿਸਾਨਾਂ ਦੀ ਹਮਾਇਤ ‘ਚ ਬੰਦ ‘ਚ ਸ਼ਾਮਿਲ ਹੋਣ ਦਾ ਫ਼ੈਸਲ ਕੀਤਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਸੰਘਰਸ਼ ‘ਚ ਅੜਿੱਕਾ ਨਹੀਂ ਬਣਨਗੇ, ਸਗੋਂ ਉਨ੍ਹਾਂ ਦੇ ਬੰਦ ‘ਚ ਸ਼ਾਮਲ ਹੋਏ।
‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਕਈ ਦਿਨ ਤੋਂ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੀ ਹੈ ਅਤੇ ਬੰਦ ਦੇ ਸੱਦੇ ਦੀ ਸਫ਼ਲਤਾ ਲਈ ਉਨ੍ਹਾਂ ਦੇ ਵਲੰਟੀਅਰ ਕਿਸਾਨ ਇਕੱਠਾਂ ਵਿਚ ਗਏ ਪਰ ਅਕਾਲੀ ਦਲ ਨੇ ਪੰਜਾਬ ਬੰਦ ਦੀ ਹਮਾਇਤ ਦੀ ਥਾਂ ੧੧ ਤੋਂ ੨ ਵਜੇ ਤੱਕ ਤਿੰਨ ਘੰਟੇ ਸਭ ਵਿਧਾਨ ਸਭਾ ਹਲਕਿਆਂ ‘ਚ ਚੱਕਾ ਜਾਮ ਕਰਨ ਦਾ ਫ਼ੈਸਲਾ ਕੀਤਾ ਹੈ।
ਕਿਸਾਨ ਸੰਗਠਨਾਂ ‘ਚ ਸ਼ਾਮਿਲ ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਬੰਦ ਲਾਮਿਸਾਲ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਪੁੱਜ ਰਹੀਆਂ ਰਿਪੋਰਟਾਂ ਮੁਤਾਬਿਕ ਬੰਦ ਦੇ ਸੱਦੇ ਨੂੰ ਵੱਡੀ ਹਮਾਇਤ ਮਿਲੀ ਹੈ ਤੇ ਮੁੱਖ ਸੜਕਾਂ ਦੇ ਨਾਲ ਕਸਬਿਆਂ ਤੇ ਪਿੰਡਾਂ ਵਿਚ ਵੀ ਕਿਸਾਨ ਤੇ ਹੋਰ ਲੋਕ ਰੋਸ ਮੁਜ਼ਾਹਰੇ ਤੇ ਅਰਥੀਆਂ ਫੂਕ ਕੇ ਖੇਤੀ ਬਿੱਲਾਂ ਖ਼ਿਲਾਫ਼ ਗੁੱਸੇ ਦਾ ਪ੍ਰਗਟਾਵਾ ਕੀਤਾ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਬਹੁਤੇ ਪ੍ਰਸਿੱਧ ਗਾਇਕ ਤੇ ਸੰਗੀਤਕਾਰ ਵੀ ਕਿਸਾਨ ਬੰਦ ਦੇ ਸੱਦੇ ਦੀ ਹਮਾਇਤ ਉੱਪਰ ਉੱਤਰ ਆਏ ਤੇ ਕਈ ਗਾਇਕਾਂ ਤੇ ਲੇਖਕਾਂ ਨੇ ਤਾਂ ਗੀਤ ਲਿਖ ਕੇ ਤੇ ਗਾ ਕੇ ਵੀ ਕਿਸਾਨ ਸੰਘਰਸ਼ ਨੂੰ ਹੱਲਾਸ਼ੇਰੀ ਦਿੱਤੀ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਕਿਸਾਨ ਸੰਘਰਸ਼ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ ਹਨ।