ਇੰਡੋ-ਕੈਨੇਡੀਅਨ ਡੈਂਟਲ ਐਸੋਸੀਏਸ਼ਨ ਨੇ ਵੈਨਕੂਵਰ ‘ਚ ਯਾਦਗਾਰੀ ਸਮਾਗਮ ਕਰਵਾਇਆ

0
3987

ਡਾ. ਹਰਿੰਦਰ ਧੰਜੂ ਨੇ ਚਲਾਈ ਵਿਲੱਖਣ ਮੁਹਿੰਮ, ਰੱਖਿਆ ਮੰਤਰੀ ਸੱਜਣ, ਕੌਂਸਲੇਟ ਜਨਰਲ ਚੰਦਰਾ ਅਤੇ ਡਾਕਟਰ ਕੋਹਲੀ ਸਮਾਗਮ ਵਿਚ ਰਹੇ ਖਿੱਚ ਦਾ ਕੇਂਦਰ
ਵੈਨਕੂਵਰ : ਇੰਡੋ-ਕੈਨੇਡੀਅਨ ਡੈਂਟਲ ਐਸੋਸੀਏਸ਼ਨ ਦੇ ਮੋਢੀ ਡਾਕਟਰ ਹਰਿੰਦਰ ਸਿੰਘ ਧੰਜੂ ਵਲੋਂ ਵੈਨਕੂਵਰ ਵਿਖੇ ਪੈਨ ਪੈਸਿਫਿਕ ਹੋਟਲ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) ਵਿਖੇ ਨਾਨ-ਪ੍ਰਾਫਿਟ ਆਰਗੇਨਾਈਜੇਸ਼ਨ ਵਲੋਂ ਕਰਵਾਏ ਸਮਾਗਮ ਵਿਚ ਐਸੋਸੀਏਸ਼ਨ ਦੇ ਦਾਨੀ ਮੈਂਬਰਾਂ ਸਮੇਤ ਕਈ ਨਾਮੀ ਸ਼ਖ਼ਸੀਅਤਾਂ ਵੀ ਸ਼ਾਮਲ ਹੋਈਆਂ। ਡਾਕਟਰ ਧੰਜੂ ਨੇ ਇਸ ਮੌਕੇ ਕਿਹਾ ਕਿ ਇੰਡੋ-ਕੈਨੇਡੀਅਨ ਡੈਂਟਲ ਐਸੋਸੀਏਸ਼ਨ ਦਾ ਮਿਸ਼ਨ ਓਰਲ ਹੈਲਥ ਕੇਅਰ ਨੂੰ ਆਪਣੇ ਭਾਈਚਾਰੇ ‘ਚ ਪ੍ਰਮੋਟ ਕਰਕੇ ਸਮਾਜ ਦੀ ਸੇਵਾ ਕਰਨਾ ਹੈ। ਉਹ ਓਰਲ ਕੈਂਸਰ ਦੀ ਮੁਹਿੰਮ ਵਿਚ ਫੰਡ ਰੇਜਿੰਗ ਵੀ ਕਰਨਗੇ। ਇਸ ਮੌਕੇ ਕਿਹਾ ਗਿਆ ਕਿ ਡੈਂਟਲ ਪ੍ਰੋਫੈਸ਼ਨਲਜ਼ ਭਾਰਤ ਦੀ ਹੈਰੀਟੇਜ ਦੇ ਅਧਾਰ ‘ਤੇ ਇਹ ਲੋਕ ਸੇਵਾ ਕਰਨਗੇ ਤਾਂ ਜੋ ਸਾਡੇ ਭਾਈਚਾਰੇ ਦਾ ਸੇਵਾ ਕਰਨ ਦਾ ਕਲਚਰ ਨਵੀਂ ਪੀੜੀ ਕੋਲ ਵੀ ਜਿਉਂਦਾ ਹੈ। ਡਾਕਟਰ ਧੰਜੂ ਨੇ ਦੱਸਿਆ ਕਿ ਪਿਛਲੇ ਸਾਲ ਇੰਡੋ-ਕੈਨੇਡੀਅਨ ਡੈਂਟਲ ਐਸੋਸੀਏਸ਼ਨ ਨੇ ਬੜੀ ਕਾਮਯਾਬੀ ਨਾਲ ਆਪਣੇ ਭਾਈਚਾਰੇ ਵਿਚ ‘ਫਰੀ ਓਰਲ ਕੈਂਸਰ ਸਕਰੀਨਿੰਗ’ ਪ੍ਰੋਗਰਾਮ ਸਰੀ ਵਿਚ ਚਲਾਇਆ ਸੀ। ਜਿਸ ਰਾਹੀਂ ਆਪਣੇ ਭਾਈਚਾਰੇ ਨੂੰ ਮੁੱਢਲੀ ਸਟੇਜ ਤੋਂ ਹੀ ਕੈਂਸਰ ਤੋਂ ਬਚਾਉਣ ਦੇ ਯਤਨ ਵਿੱਢੇ ਸਨ। ਐਸੋਸੀਏਸ਼ਨ ਨੇ ਭਾਰਤੀ ਭਾਈਚਾਰੇ ਨੂੰ ਇਸ ਮੁਹਿੰਮ ਦੌਰਾਨ ਕੈਂਸਰ ਤੋਂ ਬਚਾਅ ਕਰਨ ਲਈ ਕਈ ਗੁਰ ਦੱਸਦਿਆਂ ਐਜੂਕੇਟ ਵੀ ਕੀਤਾ ਸੀ। ਇਸ ਮੁਹਿੰਮ ਤਹਿਤ ਸਾਬਕਾ ਭਾਈਚਾਰੇ ਦੇ 300 ਤੋਂ ਵੱਧ ਮਰੀਜ਼ਾਂ ਨੇ ਮੁਫ਼ਤ ਓਰਲ ਕੈਂਸਰ ਸਕਰੀਨਿੰਗ ਕਰਵਾਈ ਸੀ ਅਤੇ ਇਹ ਮੁਹਿੰਮ ਬੜੀ ਕਾਮਯਾਬ ਰਹੀ ਸੀ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਪਹਿਲਾਂ ਵੀ ਵੱਖ-ਵੱਖ ਥਾਵਾਂ ‘ਤੇ ਆਪਣੇ ਭਾਈਚਾਰੇ ਦੀ ਫਰੀ ਓਰਲ ਹੈਲਥ ਸੇਵਾ ਲਈ ਫੰਡ ਰੇਜਿੰਗ ਪ੍ਰੋਗਰਾਮ ਕਰ ਚੁੱਕੀ ਹੈ। ਇਸ ਵਿਸ਼ਾਲ ਸਮਾਗਮ ਵਿਚ 100 ਦੇ ਕਰੀਬ ਡੈਂਟਿਸਟਾਂ ਸਮੇਤ 400 ਦੇ ਕਰੀਬ ਵੱਖ-ਵੱਖ ਵਰਗਾਂ ਤੇ ਖੇਤਰਾਂ ਨਾਲ ਸਬੰਧਿਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਐਸੋਸੀਏਸ਼ਨ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਸਮਾਗਮ ਵਿਚ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ। ਸ੍ਰੀ ਸੱਜਣ ਨੇ ਆਪਣੇ ਭਾਸਣ ਰਾਹੀਂ ਕਈ ਅਹਿਮ ਮੁੱਦੇ ਉਠਾਏ ਅਤੇ ਐਸੋਸੀਏਸ਼ਨ ਵਲੋਂ ਭਾਈਚਾਰੇ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਵਿੱਢੀ ਮੁਹਿੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਇੰਡੋ-ਕੈਨੇਡੀਅਨ ਡੈਂਟਲ ਐਸੋਸੀਏਸ਼ਨ ਨੇ ਡੈਂਟਲ ਕੌਂਸਲ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਡਾਕਟਰ ਅਨਿਲ ਕੋਹਲੀ ਦਾ ਉਚੇਰੇ ਤੌਰ ‘ਤੇ ਸਮਾਗਮ ਵਿਚ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ। ਡਾਕਟਰ ਅਨਿਲ ਕੋਹਲੀ ਨੂੰ ਭਾਰਤ ਸਰਕਾਰ ਵਲੋਂ ਪਦਮ ਭੂਸ਼ਣ ਐਵਾਰਡ ਮਿਲ ਚੁੱਕਾ ਹੈ ਅਤੇ ਉਹ ਇਕ ਕੌਮਾਂਤਰੀ ਪੱਧਰ ਦੀ ਸ਼ਖ਼ਸੀਅਤ ਹਨ। ਡਾਕਟਰ ਅਨਿਲ ਕੋਹਲੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇੰਡੋ-ਕੈਨੇਡੀਅਨ ਡੈਂਟਲ ਐਸੋਸੀਏਸ਼ਨ ਵਲੋਂ ਕੌਂਸਲੇਟ ਜਨਰਲ ਆਫ ਇੰਡੀਆ ਰਾਜੀਵ ਕੇ. ਚੰਦਰ ਦਾ ਵੀ ਸਮਾਗਮ ਵਿਚ ਪੁੱਜਣ ‘ਤੇ ਸਵਾਗਤ ਕੀਤਾ। ਸ੍ਰੀ ਚੰਦਰ ਬਤੌਰ ਵਿਸ਼ੇਸ਼ ਮਹਿਮਾਨ ਸਮਾਗਮ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਐਸੋਸੀਏਸ਼ਨ ਦੀ ਇਸ ਮੁਹਿੰਮ ਉਪਰ ਖੁਸ਼ੀ ਦਾ ਇਜ਼ਹਾਰ ਕੀਤਾ। ਦੱਸਣਯੋਗ ਹੈ ਕਿ ਡਾਕਟਰ ਹਰਿੰਦਰ ਧੰਜੂ ਮੁੱਢ ਤੋਂ ਹੀ ਸਮਾਜ ਸੇਵਾ ਵਿਚ ਜੁੱਟੇ ਹਨ। ਉਹ ਬ੍ਰਿਟਿਸ਼ ਕੋਲੰਬੀਆ ਵਿਚ ਵੱਸਦੇ ਆਪਣੇ ਭਾਈਚਾਰੇ ਨੂੰ ਡੈਂਟਲ ਸੇਵਾਵਾਂ ਮੁਹੱਈਆ ਕਰਨ ਲਈ ਕਈ ਪ੍ਰੋਜੈਕਟਾਂ ਉਪਰ ਕੰਮ ਕਰ ਚੁੱਕੇ ਹਨ ਅਤੇ ਭਵਿੱਖ ਵਿਚ ਵੀ ਉਨ੍ਹਾਂ ਵਲੋਂ ਕਈ ਨਵੇਂ ਸੁਪਨੇ ਸੰਜੋਏ ਹਨ।