ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਪਹਿਲੇ ਦਿਨ ਹੀ ਅਫਸਰਾਂ ਦੀ ਸਰਦਾਰੀ ਪੁੱਗਣ ਦਾ ਸੁਨੇਹਾ ਦਿੱਤਾ| ਅਮਰਿੰਦਰ ਸਿੰਘ ਦੇ ਰਾਜ ਭਾਗ ਦੌਰਾਨ ਨੌਕਰਸ਼ਾਹੀ ਦੇ ਜੰਮੇ ਹੋਏ ਪੈਰ ਅੱਜ ਉਖੜਦੇ ਜਾਪਣ ਲੱਗੇ| ਅਮਰਿੰਦਰ ਸਿੰਘ ਦੇ ਨੇੜਲੇ ਅਫਸਰਾਂ ਦੇ ਦਫਤਰਾਂ ਅੱਗਿਓਂ ਅੱਜ ਨਾਮ ਦੀਆਂ ਤਖ਼ਤੀਆਂ ਉੱਤਰ ਗਈਆਂ ਹਨ| ਪਿਛਲੇ ਕਾਫੀ ਅਰਸੇ ਤੋਂ ਵਿਧਾਇਕਾਂ ਤੇ ਵਜ਼ੀਰਾਂ ਦੀ ਇੱਕੋ ਸ਼ਿਕਾਇਤ ਭਾਰੂ ਰਹੀ ਹੈ ਕਿ ਅਫਸਰ ਸੁਣਦੇ ਨਹੀਂ ਹਨ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਇਹ ਫੈਸਲਾ ਕੀਤਾ ਕਿ ਅਫ਼ਸਰੀ ਰਾਜ ਦਾ ਕਿਧਰੇ ਕੋਈ ਪ੍ਰਭਾਵ ਨਹੀਂ ਜਾਣਾ ਚਾਹੀਦਾ ਹੈ ਤੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਦਫਤਰਾਂ ਵਿਚ ਇੱਜ਼ਤ ਮਾਣ ਮਿਲਣਾ ਚਾਹੀਦਾ ਹੈ। ਪ੍ਰਸੋਨਲ ਵਿਭਾਗ ਨੇ ਅੱਜ ਮੁੱਖ ਮੰਤਰੀ ਦੇ ਹੁਕਮਾਂ ’ਤੇ ਪੱਤਰ ਜਾਰੀ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਮੂਹ ਅਧਿਕਾਰੀ ਤੇ ਮੁਲਾਜ਼ਮ ਆਪੋ ਆਪਣੇ ਦਫਤਰਾਂ ਵਿਚ ਸਮੇਂ ਸਿਰ ਸਵੇਰ 9 ਵਜੇ ਹਾਜ਼ਰ ਹੋਣਾ ਯਕੀਨੀ ਬਣਾਉਣਗੇ। ਅਧਿਕਾਰੀਆਂ ਨੂੰ ਕੰਮ ਕਾਜ ਵਿਚ ਪਾਰਦਰਸ਼ਤਾ ਲਿਆਉਣ ਲਈ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਲਈ ਕਿਹਾ ਗਿਆ ਹੈ।
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਹਦਾਇਤ ਕੀਤੀ ਹੈ ਕਿ ਸਰਕਾਰੀ ਅਧਿਕਾਰੀ ਹੁਣ ਕੈਂਪ ਦਫਤਰਾਂ ਤੋਂ ਕੰਮ ਨਹੀਂ ਕਰਨਗੇ। ਉਹ ਆਪਣੇ ਸਰਕਾਰੀ ਦਫਤਰਾਂ ਵਿਚ ਹਾਜ਼ਰ ਰਹਿਣਗੇ। ਆਉਂਦੇ ਦਿਨਾਂ ਵਿਚ ਵੱਡੀ ਪੱਧਰ ‘ਤੇ ਪ੍ਰਸ਼ਾਸਕੀ ਫੇਰ-ਬਦਲ ਹੋਣਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਪਹਿਲੇ ਦਿਨ ਦਫਤਰ ਵਿਚ ਪੁੱਜੇ ਅਤੇ ਅੱਜ ਸਿਵਲ ਸਕੱਤਰੇਤ ਦੇ ਰੰਗ-ਢੰਗ ਵੀ ਬਦਲੇ ਹੋਏ ਸਨ। ਕਈ ਦਫਤਰਾਂ ਅੱਗੇ ਤਖਤੀਆਂ ਉਤਰੀਆਂ ਹੋਈਆਂ ਸਨ।