ਅਮਰੀਕਾ ਵੱਲੋਂ ਪਾਕਿ ਨੂੰ 33.6 ਕਰੋੜ ਡਾਲਰ ਸਹਾਇਤਾ ਦੀ ਤਜਵੀਜ਼

0
3987

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲਾਨਾ ਬਜਟ ’ਚ ਪਾਕਿਸਤਾਨ ਨੂੰ 25.6 ਕਰੋੜ ਡਾਲਰ ਦੀ ਗ਼ੈਰ ਫ਼ੌਜੀ (ਸਿਵਲ) ਅਤੇ 8 ਕਰੋੜ ਡਾਲਰ ਦੀ ਫ਼ੌਜੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਨੂੰ ਫ਼ੌਜੀ ਸਹਾਇਤਾ ਤਾਂ ਹੀ ਮਿਲੇਗੀ ਜੇਕਰ ਇਸਲਾਮਾਬਾਦ ਆਪਣੀ ਸਰਜ਼ਮੀਨ ’ਤੇ ਦਹਿਸ਼ਤਗਰਦਾਂ ਦੀਆਂ ਸੁਰੱਖਿਅਤ ਪਨਾਹਗਾਹਾਂ ਖ਼ਿਲਾਫ਼ ਕਾਰਵਾਈ ਕਰੇਗਾ। ਪਾਕਿਸਤਾਨ ਦੀ ਕੁਲ ਸਹਾਇਤਾ ’ਚ ਇਕ ਕਰੋੜ ਡਾਲਰ ਦੀ ਕਟੌਤੀ ਕੀਤੀ ਗਈ ਹੈ। ਪ੍ਰਸਤਾਵਿਤ ਸਹਾਇਤਾ 4 ਖ਼ਰਬ ਡਾਲਰ ਦੇ ਸਾਲਾਨਾ ਬਜਟ ਦਾ ਹਿੱਸਾ ਹੈ ਜੋ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿੱਤੀ ਵਰ੍ਹੇ 2019 ਲਈ ਹੈ। ਮੁਲਕ ਨੂੰ ਸਹਾਇਤਾ ਦੀ ਤਜਵੀਜ਼ ਉਸ ਸਮੇਂ ਆਈ ਹੈ ਜਦੋਂ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਵੱਲੋਂ ਦਹਿਸ਼ਤੀ ਗੁੱਟਾਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ’ਤੇ ਸਾਲ ਦੀ ਸ਼ੁਰੂਆਤ ’ਚ ਇਸਲਾਮਾਬਾਦ ਨੂੰ ਕਰੀਬ 2 ਅਰਬ ਡਾਲਰ ਦੀ ਫ਼ੌਜੀ ਸਹਾਇਤਾ ਮੁਅੱਤਲ ਕਰ ਦਿੱਤੀ ਸੀ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਵੱਲੋਂ ਦਹਿਸ਼ਤੀ ਗੁੱਟਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਤਾਂ ਉਹ ਫੰਡ ਰਿਲੀਜ਼ ਕਰਨ ਬਾਰੇ ਵਿਚਾਰ ਕਰਨਗੇ। ਵਿਦੇਸ਼ੀ ਸਹਿਯੋਗ ਵਸੀਲਿਆਂ ਬਾਰੇ ਮੰਤਰਾਲੇ ਦੇ ਡਾਇਰੈਕਟਰ ਹਰੀ ਸ਼ਾਸਤਰੀ ਨੇ ਕਿਹਾ ਕਿ ਪਾਕਿਸਤਾਨ ਦੀ ਸਹਾਇਤਾ ’ਚ ਕੁਲ ਇਕ ਕਰੋੜ ਡਾਲਰ ਦੀ ਕਟੌਤੀ ਹੋਈ ਹੈ।