ਅਮਰੀਕਾ ‘ਚ ਤਿੰਨ ਭਾਰਤੀਆਂ ਨੂੰ ਖਤਨੇ ਦੇ ਦੋਸ਼ ਹੇਠ ਹੋਵੇਗੀ ਸਜ਼ਾ

0
4069

ਨਿਊਯਾਰਕ : ਅਮਰੀਕਾ ਦੀ ਇਕ ਗ੍ਰੈਂਡ ਜਿਊਰੀ ਨੇ ਤਿੰਨ ਭਾਰਤੀਆਂ ਨੂੰ ਦੋ ਨਾਬਾਲਿਗ ਕੁੜੀਆਂ ਦੇ ਖਤਨੇ ਦਾ ਦੋਸ਼ੀ ਕਰਾਰ ਦਿੱਤਾ ਹੈ। ਅਮਰੀਕਾ ‘ਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ। ਦੋਸ਼ੀਆਂ ‘ਚੋਂ ਦੋ ਡਾਕਟਰ ਤੇ ਇਕ ਡਾਕਟਰ ਦੀ ਪਤਨੀ ਹੈ। ਜਿਊਰੀ ਨੇ ਫਖਰੂਦੀਨ ਅੱਤਰਾ (53) ਤੇ ਉਸ ਦੀ ਪਤਨੀ ਫਰੀਦਾ ਅੱਤਾਰ (50) ‘ਤੇ ਲਿਵੋਨੀਆ ਸਥਿਤ ਕਲੀਨਿਕ ‘ਚ ਨਾਬਾਲਿਗ ਕੁੜੀਆਂ ਦੇ ਖਤਨੇ ਦੀ ਸਾਜਿਸ਼ ਰਚਨ ਦਾ ਦੋਸ਼ ਤੈਅ ਕੀਤਾ। ਫਖਰੂੱਦੀਨ ਤੇ ਉਸ ਦੀ ਪਤਨੀ ਫਰੀਦਾ, ਦੋਵੇਂ ਮਿਸ਼ੀਗਨ ਦੇ ਰਹਿਣ ਵਾਲੇ ਹਨ। ਦੋਵਾਂ ਨੂੰ 21 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਨਾਲ ਮਿਸ਼ੀਗਨ ਦੀ ਭਾਰਤੀ ਮੂਲ ਦੀ ਔਰਤ ਡਾਕਟਰ ਜੁਮਾਨਾ ਨਗਰਵਾਲਾ (44) ‘ਤੇ ਖਤਨਾ ਕਰਨ ‘ਚ ਮਦਦ ਕਰਨ ਦਾ ਦੋਸ਼ ਤੈਅ ਹੋਇਆ ਹੈ। ਤਿੰਨਾਂ ‘ਤੇ ਜਾਂਚ ‘ਚ ਅੜਿੱਕਾ ਪਾਉਣ ਲਈ ਲੋਕਾਂ ਨੂੰ ਝੂਠ ਬੋਲਣ ਲਈ ਕਹਿਣ ਤੇ ਜਾਂਚ ਕਰਤਾਵਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਦਾ ਵੀ ਦੋਸ਼ ਹੈ। ਨਗਰਵਾਲਾ ਮਿਸ਼ੀਗਨ ਦੇ ਲਿਵੋਨੀਆ ਸਥਿਤ ਬੁਰਹਾਨੀ ਮੈਡੀਕਲ ਕਲੀਨਿਕ (ਬੀਐਮਸੀ) ‘ਚ ਨਾਬਾਲਿਗ ਕੁੜੀਆਂ ਦਾ ਖ਼ਤਨਾ ਕਰਦੀਆਂ ਸਨ। ਸੱਤ ਸਾਲ ਦੀ ਇਕ ਕੁੜੀ ਦਾ ਇਸੇ ਸਾਲ ਫਰਵਰੀ ‘ਚ ਖਤਨਾ ਕੀਤਾ ਗਿਆ। ਇਸ ਕਲੀਨਿਕ ਦਾ ਮਾਲਕ ਤੇ ਸੰਚਾਲਕ ਫਖਰੂੱਦੀਨ ਸੀ। ਫਖਰੂਦੀਨ ਦੀ ਪਤਨੀ ਬੀਐਮਸੀ ‘ਚ ਪ੍ਰਬੰਧਕ ਅਧਿਕਾਰੀ ਸੀ। ਜ਼ਿਕਰਯੋਗ ਹੈ ਕਿ ਸੰਘੀ ਅਮਰੀਕੀ ਕਾਨੂੰਨ ‘ਚ ਨਾਬਾਲਿਗ ਕੁੜੀਆਂ ਦਾ ਖ਼ਤਨਾ ਕਰਨਾ ਅਪਰਾਧ ਦੀ ਸ਼੍ਰੇਣੀ ‘ਚ ਆਉਂਦੀ ਹੈ। ਇਸ ਤਰ੍ਹਾਂ ਦੇ ਮਾਮਲੇ ‘ਚ ਦੋਸ਼ ਤੈਅ ਕੀਤੇ ਜਾਣ ਦਾ ਇਹ ਪਹਿਲਾ ਮੌਕਾ ਹੈ।