ਕੁਝ ਘੰਟਿਆਂ ‘ਚ ਹੀ ‘ਸੱਜਣ ਸਿੰਘ ਰੰਗਰੂਟ’ ਦੇ ਟ੍ਰੇਲਰ ਨੇ ਯੂਟਿਊਬ ‘ਤੇ ਪਾਈਆਂ ਧੂੰਮਾਂ

0
3911

ਪਾਲੀਵੁੱਡ ਸੁਪਰ ਸਟਾਰ ਦਿਲਜੀਤ ਦੋਸਾਂਝ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਫ਼ਿਰ ਆਪਣੀ ਅਦਾਕਾਰੀ ਰਾਹੀਂ ਲੋਕਾਂ ਦੇ ਦਿਲ ‘ਚ ਥਾਂ ਬਣਾਈ। ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸੱਜਣ ਸਿੰਘ ਰੰਗਰੂਟ’ ਦਾ ਟ੍ਰੇਲਰ ਆਊਟ ਹੋ ਗਿਆ ਹੈ। ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਦਿਲਜੀਤ ਦੇ ‘ਫੈਨਜ਼’ ਨੇ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਸ਼ੁਰੂ ਕਰ ਦਿੱਤੀ ਹੈ।

ਫਿਲਮ “ਸੱਜਣ ਸਿੰਘ ਰੰਗਰੂਟ” ਦੀ ਇਕ ਲੰਬੀ ਉਡੀਕ ਤੋਂ ਬਾਅਦ ਵਿਸ਼ਵ ਯੁੱਧ ‘ਤੇ ਅਧਾਰਿਤ ਦਿਲਜੀਤ ਦੋਸਾਂਝ ਦੀ ਫ਼ਿਲਮ ਦੇ ਇਸ ਟ੍ਰੇਲਰ ਨੇ ਪਹਿਲੇ ਦਿਨ ਦੇ ਕੁਝ ਘੰਟਿਆਂ ‘ਚ ਯੂਟਿਊਬ ‘ਤੇ ਧੂੰਮਾਂ ਪਾ ਦਿੱਤੀਆਂ। ਟ੍ਰੇਲਰ ‘ਚ ਸਾਫ਼ ਝਲਕ ਰਿਹਾ ਕਿ ਦਿਲਜੀਤ ਨੇ ਆਪਣੀ ਫਿਲਮ ‘ਸੱਜਣ ਸਿੰਘ ਰੰਗਰੂਟ’ ਲਈ ਕਾਫੀ ਮਿਹਨਤ ਕੀਤੀ ਹੈ। ਇਸ ਫਿਲਮ ਨੂੰ ਡਾਇਰੈਕਟਰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ, ਜਿਹਨਾਂ ਨੇ ਸਾਲ 2017 ‘ਚ ਸੁਪਰਹਿੱਟ “ਚੰਨਾ ਮੇਰਿਆ” ਨੂੰ ਡਾਇਰੈਕਟ ਕੀਤਾ ਸੀ।

ਸੱਜਣ ਸਿੰਘ ਰੰਗਰੂਟ’ ਇੰਗਲੈਂਡ ਵਿਚ ਸ਼ੂਟ ਹੋਈ ਹੈ। ਪਹਿਲੇ ਵਿਸ਼ਵ ਯੁੱਧ ‘ਤੇ ਆਧਾਰਿਤ ਇਹ ਫ਼ਿਲਮ ਦਿਲਜੀਤ ਅਤੇ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਦੀ ਭੀੜ ਨੂੰ ਪ੍ਰਦਰਸ਼ਿਤ ਕਰਦੀ ਹੈ।ਇਸ ਤੋਂ ਇਲਾਵਾ ਕਈ ਪਾਲੀਵੁੱਡ ਅਭਿਨੇਤਾ, ਸਥਾਨਕ ਬ੍ਰਿਟਿਸ਼ ਅਦਾਕਾਰ ਵੀ ਇਸ ਫਿਲਮ ਦਾ ਹਿੱਸਾ ਬਣੇ ਹਨ। ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਵੀ ਪਾਲੀਵੁੱਡ ਫ਼ਿਲਮ ਵਿਚ ਬ੍ਰਿਟਿਸ਼ ਅਦਾਕਾਰਾਂ ਦੀਆਂ ਮੁੱਖ ਭੂਮਿਕਾਵਾਂ ਹੋਣਗੀਆਂ।

ਦਿਲਜੀਤ ਨੇ ਇਸ ਫਿਲਮ ਲਈ ਆਪਣੀ ਦਿੱਖ ਨੂੰ ਪੂਰੀ ਤਰ੍ਹਾਂ ਬਦਲਿਆ ਹੈ। ਇਸ ਫਿਲਮ ਦੇ ਕਿਰਦਾਰ ਲਈ ਦਿਲਜੀਤ ਨੇ ਆਪਣੀ ਦਾੜ੍ਹੀ ਤੇ ਮੁੱਛਾਂ ਨੂੰ ਪਹਿਲੀ ਵਾਰ ਵਧਾਇਆ ਸੀ ਅਤੇ ਕੱਪੜਿਆਂ ਤੇ ਪੱਗ ਨੂੰ ਵੀ ਪੁਰਾਣੇ ਸਮੇਂ ਦੀ ਦਿੱਖ ਦਿੱਤੀ ਹੈ। ਫਿਲਮ ‘ਚ ਦਿਲਜੀਤ ਦੌਸਾਂਝ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਨੇ ਵੀ ਇਸ ਫਿਲਮ ਨਾਲ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ।

ਫਿਲਮ ‘ਚ ਯੋਗਰਾਜ ਸਿੰਘ, ਜਗਜੀਤ ਸੰਧੂ,ਧੀਰਜ ਕੁਮਾਰ ਤੇ ਜਰਨੈਲ ਸਿੰਘ ਵੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦਈਏ ਕਿ ਇਹ ਫਿਲਮ 23 ਮਾਰਚ, 2018 ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਵੇਗੀ ਤੇ ਟ੍ਰੇਲਰ ਦੇਖਣ ਤੋਂ ਬਾਅਦ ਦਰਸ਼ਕਾਂ ਦਾ ਫਿਲਮ ਨੂੰ ਦੇਖਣ ਲਈ ਉਤਸ਼ਾਹ ਹੋਰ ਵੀ ਵਧ ਗਿਆ।